ਅੰਮ੍ਰਿਤਸਰ (ਪ੍ਰਵੀਨ ਪੁਰੀ) — ਆਮ ਆਦਮੀ ਪਾਰਟੀ ਦਾ ਇਕ-ਇਕ ਵਰਕਰ ਤੇ ਵਲੰਟੀਅਰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨਾਲੋਂ ਕਿਤੇ ਵੱਧ ਸਿਆਣਾ ਤੇ ਦੂਰ ਅੰਦੇਸ਼ ਹੈ। ਸੁਖਬੀਰ ਇਹ ਫਿਕਰ ਨਾ ਕਰੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਨੂੰ ਤਬਾਹ ਕਰ ਦੇਵੇਗੀ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਹਰਿੰਦਰ ਸਿੰਘ, ਗੁਰਿੰਦਰ ਸਿੰਘ ਬਾਜਵਾ ਤੇ ਗੁਰਿੰਦਰ ਸਿੰਘ ਜੋਹਲ ਨੇ ਪ੍ਰੈਸ ਨੂੰ ਜਾਰੀ ਬਿਆਨ ਵਿਚ ਕੀਤਾ। 
'ਆਪ' ਆਗੂਆਂ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਕਾਬਲੀਅਤ ਕਿਸੇ ਵੀ ਪੰਜਾਬੀ ਕੋਲੋਂ ਲੁਕੀ ਨਹੀਂ ਹੈ ਅਤੇ ਜੇ ਉਸ ਨੂੰ ਇਸ ਗੱਲ ਤੇ ਸ਼ੱਕ ਹੈ ਤਾਂ ਜ਼ਰਾ ਫੇਸਬੁੱਕ 'ਤੇ ਜਾ ਕਿ ਵੇਖੇ ਕਿ ਲੋਕ ਕਿਸ ਤਰ੍ਹਾਂ ਉਸਦੀ ਨਲਾਇਕੀ ਤੇ ਚੁਟਕਲੇ ਬਣਾ ਕੇ ਉਸਦਾ ਮਖੌਲ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਦੂਰ ਅੰਦੇਸ਼ੀ, ਸਿਧਾਂਤ ਤੇ ਮਿਸ਼ਨ ਹੈ ਤੇ ਉਸ 'ਤੇ ਕੰਮ ਕਰਨ ਦੀ ਤਲਬ ਵੀ ਹੈ। ਆਮ ਆਦਮੀ ਪਾਰਟੀ ਸੁਖਬੀਰ ਵਾਂਗ ਲੋਕਾਂ ਨੂੰ ਦਿਨੇ ਸੁਪਨੇ ਵਿਖਾਉਣ ਵਾਲੀ ਪਾਰਟੀ ਨਹੀਂ ਸਗੋ ਇਹ ਪਾਰਟੀ ਜ਼ਮੀਨੀ  ਹਕੀਕਤ ਤੋਂ ਜਾਣੂ ਹੈ ਤੇ ਹਮੇਸ਼ਾ ਮਿੱਥੇ ਟੀਚਿਆਂ ਨੂੰ ਪ੍ਰਪਾਤ ਕਰਨਾ ਜਾਣਦੀ ਹੈ। 
ਉਨ੍ਹਾਂ ਕਿਹਾ ਕਿ ਸੁਖਬੀਰ ਇਹ ਜ਼ਰੂਰ ਸਮਝ ਲਵੇ ਕੇ ਪੰਜਾਬ ਦੇ ਸਿਰ ਇਸ ਵੇਲੇ ਕਰਜ਼ੇ ਦੀ ਪੰਡ ਉਸੇ ਦੀ ਹੀ ਬਦੌਲਤ ਹੈ ਤੇ ਸੂਬੇ ਤੇ ਕਿਸਾਨਾਂ ਨੂੰ ਕਰਜ਼ੇ ਦੀ ਕੈਦ 'ਚੋਂ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਕੱਢ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਇੰਨੀ ਸਮਝ ਨਹੀਂ ਕਿ ਸਨਅਤ ਤੇ ਸੂਬੇ ਵਿਚ ਸ਼ਾਂਤੀ ਦਾ ਗੂੜਾ ਰਿਸ਼ਤਾ ਹੁੰਦਾ ਹੈ ਅਤੇ ਅਕਾਲੀ ਸੂਬੇ ਵਿਚ ਸ਼ਾਂਤੀ ਬਣਾਈ ਰੱਖਣ ਲਈ ਅਸਫਲ ਸਿੱਧ ਹੋਏ ਹਨ।
 
Top